ਤਹੀ ਪ੍ਰਕਾਸ ਹਮਾਰਾ ਭਯੋ,
ਪਟਨਾ ਸਹਿਰ ਬਿਖੈ ਭਵ ਲਯੋ।
ਭਾਰਤੀ ਵਿਦਿਆ ਮੰਦਿਰ, ਦੁੱਗਰੀ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਪ੍ਕਾਸ਼ਪੁਰਬ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕ ਸ: ਜਗਮੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਅਤੇ ਸਰਬੰਸ ਦੇਸ਼, ਕੌਮ ਤੇ ਧਰਮ ਖਾਤਰ ਕੁਰਬਾਨ ਕਰ ਦਿੱਤਾ। ਇਸ ਕਰਕੇ ਹੀ ਆਪ ਨੂੰ ਇਤਿਹਾਸ ਵਿੱਚ ਸਰਬੰਸਦਾਨੀ ਆਖ ਕੇ ਸਤਿਕਾਰਿਆ ਜਾਂਦਾ ਹੈ। ਆਪ ਇੱਕ ਸੰਤ ਸਿਪਾਹੀ ਸਨ। ਗੁਰੂ ਸਾਹਿਬ ਨੇ ਇੱਕ ਕੌਤਕ ਰਚਿਆ ਜੋ ਇਤਿਹਾਸ ਬਣ ਗਿਆ ਆਪ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਇੱਕ ਅਲੱਗ ਸਿੱਖ ਧਰਮ ਬਣਾਇਆ।
ਸਵਾ ਲਾਖ ਸੇ ਏਕ ਲੜਾਊ,
ਤਬੈ ਗੋਬਿੰਦ ਸਿੰਘ ਨਾਮ ਕਹਾਊ।
ਇਸ ਮੌਕੇ ਸਕੂਲ ਦੇ ਬੱਚਿਆਂ ਨੇ ਬਹੁਤ ਸੋਹਣਾ ਸ਼ਬਦ ਸਰਵਨ ਕੀਤਾ, ਦਸਵੀਂ ਜਮਾਤ ਦੀ ਵਿਦਿਆਰਥਣਾਂ ਸਤੁਤੀ, ਸਨੇਹਾ ਅਤੇ ਰਿਪਨਜੋਤ ਨੇ 'ਦੇਹ ਸ਼ਿਵਾ ਬਰ ਮੋਹਿ ਇਹੈ ਸੁਭ' ਸ਼ਬਦ ਸਰਵਨ ਕੀਤਾ। ਫਿਰ ਬੱਚਿਆਂ ਨੇ ਮਨਮੋਹਕ ਕਵਿਤਾਵਾਂ ਪੇਸ਼ ਕੀਤੀਆਂ, ਅਠਵੀਂ ਜਮਾਤ ਦੀ ਖੁਸ਼ਪੀ੍ਤ ਨੇ 'ਅੱਜ ਮਿਲਣ ਵਧਾਈਆਂ, ਫਿਰ ਦਸਵੀਂ ਵਿਦਿਆਰਥੀ ਕਮਲਦੀਪ ਸਿੰਘ ਨੇ ਧੰਨ - ਧੰਨ ਗੁਰੂ ਗੋਬਿੰਦ ਸਿੰਘ ਕਵਿਤਾਵਾਂ ਪੇਸ਼ ਕੀਤੀਆਂ। ਇਸ ਪਵਿੱਤਰ ਦਿਹਾੜੇ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ਼ੀ੍ਮਤੀ ਮਨੀਸ਼ਾ ਮਦਾਨ ਜੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਦੱਸਿਆ ਕਿ ਸਾਨੂੰ ਗੁਰੂ ਜੀ ਦੀ ਕੁਰਬਾਨੀਆਂ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਆਪਣੇ ਦੇਸ਼ ਅਤੇ ਕੌਮ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਆਪ ਦੀ ਅਦੁੱਤੀ ਸ਼ਖਸ਼ੀਅਤ ਸਾਡੇ ਲਈ ਚਾਨਣ ਮੁਨਾਰਾ ਹੈ। ਅਗਰ ਸਰਬੰਸਦਾਨੀ ਗੁਰੂ ਜੀ ਭਾਰਤ ਦੀ ਧਰਤੀ ਉਪਰ ਅਵਤਾਰ ਨਾ ਧਾਰਦੇ ਤਾਂ ਸ਼ਾਇਦ ਇਥੇ ਰਾਜ ਕਿਸੇ ਹੋਰ ਦਾ ਹੋਣਾ ਸੀ। ਸਾਨੂੰ ਗੁਰੂ ਜੀ ਦੀ ਲਾਸਾਨੀ ਕੁਰਬਾਨੀ ਅੱਗੇ ਸਿਰ ਝੁਕਾ ਕੇ ਇਹ ਪਵਿੱਤਰ ਦਿਹਾੜਾ ਸਾਨੂੰ ਬਹੁਤ ਸ਼ਰਧਾ ਨਾਲ ਮਨਾਉਣਾ ਚਾਹੀਦਾ ਹੈ।